ਲੱਖੀ ਜੰਗਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੱਖੀ ਜੰਗਲ: ਸਿੱਖ-ਇਤਿਹਾਸ ਅਤੇ ਰਵਾਇਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਛੀਵਾੜੇ ਤੋਂ ਨਿਕਲ ਕੇ ਮਾਲਵਾ ਖੇਤਰ ਵਿਚ ਪਹੁੰਚੇ ਤਾਂ ਸ਼ਰਧਾਲੂ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਦੂਰੋਂ ਪਾਰੋਂ ਇਕੱਠੇ ਹੋਣ ਲਗੇ। ਉਸ ਸਥਿਤੀ ਦੇ ਚਿਤ੍ਰਣ ਨਾਲ ਸੰਬੰਧਿਤ ਇਕ ‘ਸਦ ’ ਵਿਚ ਮਾਲਵੇ ਦੇ ਇਲਾਕੇ ਨੂੰ ‘ਲੱਖੀ ਜੰਗਲ’ ਕਰਕੇ ਲਿਖਿਆ ਗਿਆ ਹੈ—ਲਖੀ ਜੰਗਲ ਖ਼ਾਲਸਾ ਆਇ ਦੀਦਾਰ ਕੀਤੋਨੇ

ਆਮ ਧਾਰਣਾ ਹੈ ਕਿ ਇਹ ‘ਸਦ’ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਿਆ ਹੋਇਆ ਹੈ ਅਤੇ ‘ਦਸਮ-ਗ੍ਰੰਥ ’ ਦੀਆਂ ਕਈ ਪੁਰਾਤਨ ਬੀੜਾਂ ਵਿਚ ਲਿਖਿਆ ਮਿਲਦਾ ਹੈ। ਇਸ ਤਰ੍ਹਾਂ ਮਾਲਵੇ ਦੇ ਇਲਾਕੇ ਨੂੰ ‘ਲੱਖੀ ਜੰਗਲ’ ਪਦਵੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸੁਸ਼ੋਭਿਤ ਕੀਤਾ ਸੀ। ਇਸ ਇਲਾਕੇ ਦਾ ਇਹ ਨਾਂ ਦਸਮ-ਗੁਰੂ ਦੇ ਪਧਾਰਨ ਤੋਂ ਪਹਿਲਾਂ ਪ੍ਰਚਲਿਤ ਨਹੀਂ ਸੀ। ਇਸ ਨੂੰ ਗੁਰੂ ਜੀ ਦੀ ਭਵਿਖਬਾਣੀ ਮੰਨਣ ਵਾਲੇ ਲੋਕਾਂ ਦਾ ਵਿਚਾਰ ਹੈ ਕਿ ਗੁਰੂ ਜੀ ਨੇ ਇਸ ਇਲਾਕੇ ਨੂੰ ਲੱਖਾਂ ਰੁਪਇਆਂ ਦੀ ਉਪਜ ਪੈਦਾ ਕਰਨ ਦਾ ਵਰ ਦਿੱਤਾ ਸੀ।

ਇਹ ‘ਸਦ’ ਕਿਸ ਥਾਂ’ਤੇ ਬੈਠ ਕੇ ਉਚਾਰਿਆ ਗਿਆ ਸੀ, ਇਸ ਬਾਰੇ ਇਤਿਹਾਸ ਚੁਪ ਹੈ। ਹਾਂ, ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਦੇ ਨੇੜੇ ‘ਲਖੀਸਰ ’ ਨਾਂ ਦੀ ਇਕ ਨਿਕੀ ਜਿਹੀ ਬਸਤੀ ਹੈ ਜਿਸ ਵਿਚ ‘ਗੁਰਦੁਆਰਾ ਲੱਖੀ ਜੰਗਲ’ ਬਣਿਆ ਹੋਇਆ ਹੈ। ਇਥੇ ਹੀ ਬੈਠ ਕੇ ਇਹ ‘ਸਦ’ ਲਿਖਿਆ ਗਿਆ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਦੀ ਆਮਦ ਵਿਚ ਫ਼ਰੀਦਕੋਟ-ਪਤਿ ਰਾਜਾ ਹਰਿੰਦਰ ਸਿੰਘ ਨੇ ਇਥੇ ਸਭ ਤੋਂ ਪਹਿਲਾਂ ਗੁਰੂ-ਧਾਮ ਬਣਵਾਇਆ। ਬਾਦ ਵਿਚ ਉਸ ਦੀ ਥਾਂ ਉਤੇ ਨਵੀਂ ਇਮਾਰਤ ਉਸਾਰੀ ਗਈ ਹੈ ਅਤੇ ਸਰੋਵਰ ਵੀ ਬਣਵਾਇਆ ਗਿਆ ਹੈ। ਹਰ ਪੂਰਣਮਾਸੀ ਵਾਲੇ ਦਿਨ ਇਥੇ ਉਚੇਚਾ ਦੀਵਾਨ ਸਜਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3747, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਲੱਖੀ ਜੰਗਲ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਲੱਖੀ ਜੰਗਲ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਸਬੰਧਤ ਇਕ ਗੁਰਦੁਆਰਾ ਹੈ ਜਿਹੜਾ ਫ਼ਰੀਦਕੋਟ ਜ਼ਿਲ੍ਹੇ ਦੀ ਕੋਟਕਪੂਰਾ ਤਹਿਸੀਲ ਦੇ ਮਹਿਮਾ ਸਰਜਾ ਪਿੰਡ ਤੋਂ ਡੇਢ ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਥੇ ਗੁਰੂ ਸਾਹਿਬ ਨੇ ਜੰਗਲ ਦੇਸ਼ ਨੂੰ ‘ਲੱਖੀ ਜੰਗਲ’ ਅਰਥਾਤ ‘ਲੱਖ’ ਦੀ ਪੈਦਾਵਾਰ ਵਾਲਾ ਜੰਗਲ ਦੀ ਪਦਵੀ ਦਿੱਤੀ ਅਤੇ ਮਾਲਵੇ ਦੀ ਧਾਰਨਾ ਦੀ ਸੱਦ ਉਚਾਰਣ ਕੀਤੀ–

ਲੱਖੀ ਜੰਗਲ ਖ਼ਾਲਸਾ ਆਇ ਦੀਦਾਰ ਕੀਤੋ ਨੇ।

ਸੁਣਕੇ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋ ਨੇ

ਕਿਸੇ ਨਾਲ ਨ ਰਲੀਆ ਕਾਈ ਕੋਈ ਸ਼ਉਕ ਪਿਯੋ ਨੇ।

ਗਿਆ ਫ਼ਿਰਾਕ ਮਿਲਿਆ ਮਿਤ ਮਾਹੀ ਤਾਹੀ ਸ਼ੁਕਰ ਕੀਤੋ ਨੇ।

                                         (ਮਾਝ ਸ੍ਰੀ ਮੁਖਵਾਕ ਪਾ. ੧੦)

ਅਰਥਾਤ ਦਸਮੇਸ਼ ਜੀ ਦਾ ਆਉਣਾ ਸੁਣ ਕੇ ਸੰਗਤਾਂ ਇਸ ਤਰ੍ਹਾਂ ਭੱਜੀਆਂ ਆਈਆਂ ਜਿਵੇਂ ਮਾਹੀ (ਰਾਂਝੇ) ਦਾ ਆਉਣਾ ਸੁਣ ਕੇ ਮੱਝਾਂ ਘਾਹ ਪਾਣੀ ਸਭ ਕੁਝ ਛੱਡ ਕੇ ਭੱਜ ਆਉਂਦੀਆਂ ਸਨ। ਹਰੇਕ ਇਕ ਦੂਜੇ ਤੋਂ ਅੱਗੇ ਹੋ ਕੇ ਮਿਲਣਾ ਚਾਹੁੰਦੀ ਸੀ ਅਤੇ ਕੋਈ ਕਿਸੇ ਨੂੰ ਰਲਣ ਨਹੀਂ ਸੀ ਦਿੰਦੀ। ਆਪਣੇ ਪਿਆਰੇ (ਰਾਂਝੇ) ਨੂੰ ਮਿਲ ਕੇ ਉਨ੍ਹਾਂ ਨੂੰ ਸੁਖ ਦਾ ਸਾਹ ਆਉਂਦਾ ਸੀ।

ਇਸ ਗੁਰਦੁਆਰੇ ਵਿਖੇ ਵਿਸਾਖੀ ਅਤੇ ਦੁਸਹਿਰੇ ਤੇ ਭਾਰੀ ਮੇਲਾ ਲਗਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-02-45-30, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਗੁ. ਗੋ. ਸਿੰ. ਮਾ.; ਤ. ਗੁ. ਖਾ.: ਤ. ਗੁਾ. ਗੁ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.